ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਸਾਜਸ਼ਾਂ ਨੰਗੀਆਂ ਹੋਣ ਤੋਂ ਬਾਅਦ ਹੁਣ ਮੁਸੀਬਤ ਵਿੱਚ ਫਸੇ ਕਾਂਗਰਸੀ ਆਗੂ ਨਵੀਂ ਡਰਾਮੇਬਾਜ਼ੀ ਉੱਪਰ ਉਤਰ ਆਏ ਹਨ। ਦਿੱਲੀ ਦੇ ਸਿੱਖ ਕਤਲੇਆਮ ਲਈ ਮੁੱਖ ਦੋਸ਼ੀਆਂ ਵਿੱਚ ਪਹਿਲੀ ਕਤਾਰ ਵਿੱਚ ਸ਼ਾਮਲ ਜਗਦੀਸ਼ ਟਾਈਟਲਰ ਵੱਲੋਂ ਇਸ ਕਤਲੇਆਮ ਦੇ 32 ਸਾਲਾਂ ਬਾਅਦ ਸਿੱਖਾਂ ਤੋਂ ਮਾਫੀ ਮੰਗਣ ਦੀ ਕੀਤੀ ਪੇਸ਼ਕਸ਼ ਪਿੱਛੇ ਉਸ ਦੀਆਂ ਨਿੱਜੀ ਅਤੇ ਪਾਰਟੀ ਪੱਧਰ ਦੀਆਂ ਕਈ ਮਜ਼ਬੂਰੀਆਂ ਸਾਹਮਣੇ ਆਈਆਂ ਵਿਖਾਈ ਦਿੰਦੀਆਂ ਹਨ। ਸਭ ਤੋਂ ਵੱਡੀ ਮਜ਼ਬੂਰੀ ਹਾਲ ਹੀ ਵਿੱਚ ਟਾਈਟਲਰ ਦੀ ਹਮਾਇਤ ਵਿੱਚ ਲਗਾਤਾਰ ਬੋਲ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਮਰੀਕਾ ਵਿੱਚ ਬੁਰੀ ਤਰ੍ਹਾਂ ਹੋਈ ਝਾੜਝੰਬ ਨੂੰ ਲੈ ਕੇ ਵੀ ਵੇਖੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦਿੱਲੀ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਜਗਦੀਸ਼ ਟਾਈਟਲਰ ਨੂੰ ਨਿਰਦੋਸ਼ ਕਰਾਰ ਦਿੰਦੇ ਹੋਏ ਦੇਸ਼ ਅਤੇ ਵਿਦੇਸ਼ ਵਿੱਚ ਅਕਸਰ ਉਸ ਦੇ ਹੱਕ ਵਿੱਚ ਬਿਆਨ ਦੇ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਪਿਛਲੇ ਦਿਨੀਂ ਇੱਕ ਪ੍ਰੋਗਰਾਮ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲ ਮਾਰੀਆਂ ਗਈਆਂ ਜੁੱਤੀਆਂ ਅਤੇ ਗਲਾਸੀਆਂ ਨੂੰ ਵਿਦੇਸ਼ੀ ਸਿੱਖਾਂ ਦੇ ਕਾਂਗਰਸ ਵਿਰੁੱਧ ਆਪੇ ਤੋਂ ਬਾਹਰ ਹੋ ਰਹੇ ਗੁੱਸੇ ਦੇ ਰੂਪ ਵਿੱਚ ਦੇਖਿਆ ਗਿਆ ਹੈ। ਵਿਦੇਸ਼ੀ ਸਿੱਖ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਵੀ ਪ੍ਰੋਗਰਾਮਾਂ ਵਿੱਚ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਰਹੇ ਹਨ, ਪਰ ਕੈਪਟਨ ਅਮਰਿੰਦਰ ਦਾ ਜਿਸ ਤਰੀਕੇ ਨਾਲ ਵਿਰੋਧ ਕੀਤਾ ਗਿਆ ਹੈ, ਉਸ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਲੱਗਦੀ ਹੈ। ਕੈਪਟਨ ਅਮਰਿੰਦਰ ਉੱਪਰ ਹਮਲਾ ਹੋਣ ਦੇ ਤੁਰੰਤ ਬਾਅਦ ਜਗਦੀਸ਼ ਟਾਈਟਲਰ ਵੱਲੋਂ ਸਿੱਖਾਂ ਤੋਂ ਮਾਫੀ ਮੰਗਣ ਅਤੇ ਸਿੱਖ ਕਤਲੇਆਮ ਬਾਰੇ ਦਿਲੀ ਅਫਸੋਸ ਹੋਣ ਬਾਰੇ ਕਹਿਣ ਪਿੱਛੇ ਕਈ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਸਿੱਖ ਆਗੂਆਂ ਵੱਲੋਂ ਜਗਦੀਸ਼ ਟਾਈਟਲਰ ਦੇ ਇਸ ਮਾਫੀ ਮੰਗਣ ਦੇ ਪ੍ਰਗਟ ਕੀਤੇ ਵਿਚਾਰਾਂ ਨੂੰ ਇੱਕ ਡਰਾਮੇਬਾਜੀ ਤੋਂ ਵੱਧ ਨਹੀਂ ਮੰਨਿਆ ਜਾ ਰਿਹਾ। ਇਸੇ ਲਈ ਦਿੱਲੀ ਸਿੱਖ ਕਮੇਟੀ ਅਤੇ ਹੋਰ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤਾਂ ਦੇ ਸਿੰਘ ਸਾਹਿਬਾਨ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਜੇ ਜਗਦੀਸ਼ ਟਾਈਟਲਰ ਉਨ੍ਹਾਂ ਕੋਲ ਮਾਫੀ ਲਈ ਪੱਤਰ ਭੇਜਦਾ ਹੈ ਜਾਂ ਖੁਦ ਪੇਸ਼ ਹੁੰਦਾ ਹੈ ਤਾਂ ਉਸ ਦੇ ਮਾਮਲੇ ਨੂੰ ਦਿੱਲੀ ਸਿੱਖ ਕਤਲੇਆਮ ਦੇ ਸ਼ਿਕਾਰ ਪੀੜ੍ਹਤਾਂ ਵੱਲੋਂ ਇਨਸਾਫ ਲਈ ਦਰ-ਦਰ ਰੁਲਣ ਦੇ ਮਾਮਲੇ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਆਗੂਆਂ ਨੇ ਇਹ ਵੀ ਕਿਹਾ ਹੈ ਕਿ ਜਗਦੀਸ਼ ਟਾਈਟਲਰ ਰਾਹੀਂ ਕਾਂਗਰਸ ਦੀ 2017 ਦੀਆਂ ਚੋਣਾਂ ਵਿੱਚ ਲੋਕਾਂ ਵਿੱਚ ਹਮਦਰਦੀ ਲਹਿਰ ਚਲਾਉਣ ਲਈ ਇੱਕ ਡਰਾਮੇਬਾਜ਼ੀ ਵੀ ਹੋ ਸਕਦੀ ਹੈ। ਕੁੱਝ ਵੀ ਹੋਵੇ ਇਸ ਮਾਮਲੇ ਵਿੱਚ ਜੋ ਸਭ ਤੋਂ ਜ਼ਰੂਰੀ ਹੈ, ਉਹ ਇਹ ਹੈ ਕਿ ਜਗਦੀਸ਼ ਟਾਈਟਲਰ ਨੂੰ ਕਿਸੇ ਵੀ ਧਿਰ ਤੋਂ ਮਾਫੀ ਮੰਗਣ ਤੋਂ ਪਹਿਲਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਤਲੇਆਮ ਮਾਮਲੇ ਦੀ ਸੁਣਵਾਈ ਕਰ ਰਹੀਆਂ ਅਦਾਲਤਾਂ ਅੱਗੇ ਸਮਰਪਿਤ ਕਰਨਾ ਚਾਹੀਦਾ ਹੈ। ਜੇਕਰ ਉਹ ਨਿਰਦੋਸ਼ ਹਨ ਤਾਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਵਕੀਲਾਂ ਦੇ ਲਾਮ-ਲਸ਼ਕਰ ਨਾਲ ਅਦਾਲਤਾਂ ਵਿੱਚ ਸਜਾ ਤੋਂ ਬਚਣ ਲਈ ਸਾਜਸ਼ਾਂ ਕਿਉਂ ਕਰ ਰਹੇ ਹਨ? ਇਹ ਵੀ ਸੱਚ ਹੈ ਕਿ ਉਹ ਇਹ ਕਾਨੂੰਨੀ ਲੜਾਈ ਲੜਨ ਦੇ ਨਾਲ-ਨਾਲ ਕਤਲੇਆਮ ਦੇ ਗਵਾਹਾਂ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਧਮਕਾਉਣ ਅਤੇ ਉਨ੍ਹਾਂ ਦਾ ਹੋਰ ਨੁਕਸਾਨ ਕਰਨ ਦੇ ਵੀ ਦੋਸ਼ਾਂ ਵਿੱਚ ਘਿਰੇ ਹਨ। ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਗਦੀਸ਼ ਟਾਈਟਲਰ ਸਿੱਖ ਕੌਮ ਅਤੇ ਸਿੱਖਾਂ ਦੀ ਅਗਵਾਈ ਕਰ ਰਹੇ ਪ੍ਰਮੁੱਖ ਧਾਰਮਿਕ ਅਤੇ ਸਿਆਸੀ ਲੀਡਰਾਂ ਨੂੰ ਜਜ਼ਬਾਤੀ ਤੌਰ ’ਤੇ ਪ੍ਰੇਰ ਕੇ ਮਾਫੀ ਹਾਸਲ ਕਰ ਸਕਦੇ ਹਨ। ਇਤਿਹਾਸ ਦੀ ਚੱਲਦੀ ਆ ਰਹੀ ਇਨਸਾਫ ਕਰਨ ਦੀ ਪ੍ਰਕਿਰਿਆ ਦੇ ਤਹਿਤ ਉਹ ਆਪਣੇ ਜਿਉਂਦੇ ਜੀਅ ਜਾਂ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਕਿਸੇ ਚਮਤਕਾਰੀ ਸਬੂਤ ਦੇ ਤਹਿਤ ਦੋਸ਼ੀ ਸਾਬਤ ਹੋ ਜਾਂਦੇ ਹਨ ਤਾਂ ਉਸ ਸਮੇਂ ਉਨ੍ਹਾਂ ਦੀ ਇਸ ਦੁਨਿਆਵੀ ਮਾਫੀ ਦਾ ਕੀ ਬਣੇਗਾ? ਵਿਸ਼ਵ ਵਿੱਚ ਅਨੇਕਾਂ ਘਟਨਾਵਾਂ ਵਾਪਰੀਆਂ ਹਨ ਕਿ ਜੋ ਲੋਕ ਪੈਸੇ ਅਤੇ ਸ਼ਕਤੀ ਦੇ ਜੋਰ ਦੁਨਿਆਵੀ ਅਦਾਲਤਾਂ ਤੋਂ ਬਾ-ਇੱਜ਼ਤ ਬਰੀ ਹੋਈ, ਸਮੇਂ ਦੇ ਚੱਕਰ ਨੇ ਇਤਿਹਾਸ ਦੇ ਵਰਕਿਆਂ ਵਿੱਚ ਉਨ੍ਹਾਂ ਨੂੰ ਕੀਤੇ ਪਾਪਾਂ ਲਈ ਦੋਸ਼ੀ ਸਿੱਧ ਕਰ ਦਿੱਤਾ। ਇਸ ਲਈ ਸਮੇਂ ਦੀ ਮੁੱਖ ਲੋੜ ਹੈ ਕਿ ਜੇ ਜਗਦੀਸ਼ ਟਾਈਟਲਰ ਸੱਚੇ ਹਨ ਤਾਂ ਉਨ੍ਹਾਂ ਨੂੰ ਆਪਣੇ ਵਿਰੁੱਧ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੀ ਪੈਰਵਾਈ ਕਰਨ ਤੋਂ ਆਪਣੇ ਆਪ ਨੂੰ ਵੱਖ ਕਰ ਲੈਣਾ ਚਾਹੀਦਾ ਹੈ। ਲੰਬੇ ਸਮੇਂ ਤੋਂ ਜਾਂਚ ਕਰ ਰਹੀਆਂ ਏਜੰਸੀਆਂ, ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਰਹੇ ਵਕੀਲ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ, ਸਜਾਵਾਂ ਦਿਵਾਉਣ ਤੋਂ ਅਸਫਲ ਰਹਿੰਦੇ ਹਨ ਤਾਂ ਸੱਚਮੁੱਚ ਹੀ ਉਹ ਆਪਣੇ ਆਪ ਨਿਰਦੋਸ਼ ਸਿੱਧ ਹੋ ਜਾਣਗੇ। ਇਸ ਹਾਲਤ ਵਿੱਚ ਉਨ੍ਹਾਂ ਨੂੰ ਫਿਰ ਮੁਆਫੀ ਮੰਗਣ ਦੀ ਵੀ ਲੋੜ ਨਹੀਂ ਰਹੇਗੀ। ਜਿਸ ਥਾਂ ’ਤੇ ਅੱਜ ਜਗਦੀਸ਼ ਟਾਈਟਲਰ ਖੜ੍ਹੇ ਹਨ, ਉੱਥੇ ਉਨ੍ਹਾਂ ਲਈ ਸਿੱਖ ਪੰਥ ਜਾਂ ਕਤਲੇਆਮ ਦੇ ਪੀੜ੍ਹਤਾਂ ਤੋਂ ਮਾਫੀ ਦੀ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ।
Read 680 times
Login to post comments
Top