ਪਿਛਲੇ ਮਹੀਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਦੇਸ਼-ਵਿਦੇਸ਼ ਵਿੱਚ ਮਹੱਤਵਪੂਰਨ ਸਮਾਗਮ ਕਰਵਾਏ ਗਏ। ਸਭ ਤੋਂ ਮਹੱਤਵਪੂਰਨ ਗੱਲ ਸੰਯੁਕਤ ਰਾਸ਼ਟਰ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਕੌਮਾਂਤਰੀ ਪੱਧਰ ਦੇ ਸਮਾਗਮ ਨੂੰ ਲੈ ਕੇ ਸੀ। ਸਾਰੇ ਸਮਾਗਮਾਂ ਵਿੱਚ ਡਾ. ਅੰਬੇਡਕਰ ਦੀ ਗਰੀਬੀ ਨਾਲ ਲੜਦਿਆਂ ਦੇਸ਼ ਦੇ ਮਾਣਮੱਤੇ ਅਹੁਦੇ ਤੱਕ ਪਹੁੰਚਣ ਅਤੇ ਉਨ੍ਹਾਂ ਵੱਲੋਂ ਭਾਰਤੀ ਸੰਵਿਧਾਨ ਦੀ ਸਿਰਜਣਾ ਨੂੰ ਲੈ ਕੇ ਕੀਤੇ ਗਏ ਸੰਘਰਸ਼ ਅਤੇ ਸੰਵਿਧਾਨ ਸਬੰਧੀ ਪ੍ਰਗਟ ਵਿਚਾਰਾਂ ਦਾ ‘ਤੋਤਾ-ਰਟਨ’ ਕੀਤਾ ਗਿਆ। ਭਾਰਤ ਵਿੱਚ ਡਾ. ਅੰਬੇਡਕਰ ਦੀ ਵਿਚਾਰਧਾਰਾ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਦੀ ਆਤਮਾ ਦੀ ਅਸੀਂ ਭਾਰਤੀ ਕਿੰਨੀ ਕੁ ਕਦਰ ਕਰ ਰਹੇ ਹਾਂ, ਇਸ ਦੀ ਝਲਕ ਅੱਜ ਦੇ ਭਾਰਤ ਵਿੱਚ ਵਾਪਰ ਰਹੇ ਸਿਆਸੀ ਅਤੇ ਧਾਰਮਿਕ ਵਰਤਾਰੇ ਵਿੱਚੋਂ ਸਪੱਸ਼ਟ ਦੇਖੀ ਜਾ ਸਕਦੀ ਹੈ। ਦਰਸ਼ਨ ਲਾਲ ਜੇਠੂਮਜਾਰਾ ਜੋ ਇਸ ਸਮੇਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਮੈਂਬਰ ਹਨ, ਵੱਲੋਂ ਡਾ. ਅੰਬੇਡਕਰ ਦੇ ਜਨਮ ਦਿਨ ਸਬੰਧੀ ਭੇਜੇ ਗਏ ਇੱਕ ਵਧਾਈ ਕਾਰਡ ਵਿੱਚ ਡਾ. ਅੰਬੇਡਕਰ ਦੇ ਸੰਵਿਧਾਨ ਸਿਰਜਣਾ ਅਤੇ ਜਾਤ-ਪਾਤ ਸਬੰਧੀ ਪ੍ਰਗਟ ਕੀਤੇ ਗਏ ਵਿਚਾਰਾਂ ਦੀ ਰੌਸ਼ਨੀ ਵਿੱਚ ਦੇਸ਼ ਦਾ ਭਵਿੱਖ ਹਨ੍ਹੇਰਾ ਦਿਖਾਈ ਦਿੰਦਾ ਹੈ। ਇਸ ਕਾਰਡ ਵਿੱਚ ਡਾ. ਅੰਬੇਡਕਰ ਦੇ ਵਿਚਾਰ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਡਾ. ਅੰਬੇਡਕਰ ਕਹਿ ਰਹੇ ਹਨ ਕਿ ਮੈਂ 60 ਦੇਸ਼ਾਂ ਦੇ ਸੰਵਿਧਾਨਾਂ ਨੂੰ ਘੋਖ ਕੇ ਚੰਗੇ ਲੋਕਤੰਤਰ ਲਈ ਜੋ ਵੀ ਗੱਲ ਮੈਨੂੰ ਮਿਲੀ, ਮੈਂ ਇਸ ਭਾਰਤ ਦੇ ਸੰਵਿਧਾਨ ਵਿੱਚ ਦਰਜ ਕੀਤੀ ਹੈ, ਤਾਂ ਕਿ ਭਾਰਤ ਵਿੱਚ ਸ਼੍ਰੇਸ਼ਟ ਅਤੇ ਸਵਸਥ ਲੋਕਤੰਤਰ ਪੈਦਾ ਕੀਤਾ ਜਾ ਸਕੇ। ਸੰਵਿਧਾਨ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ,ਜੇਕਰ ਉਸ ਨੂੰ ਲਾਗੂ ਕਰਨ ਵਾਲੇ ਇਮਾਨਦਾਰ ਨਾ ਹੋਏ ਤਾਂ ਸੰਵਿਧਾਨ ਵਿਅਰਥ ਹੋ ਕੇ ਰਹਿ ਜਾਵੇਗਾ। ਡਾ. ਅੰਬੇਡਕਰ ਨੇ ਇਹ ਵੀ ਲਿਖਿਆ ਹੈ ਕਿ ‘‘ਸੰਵਿਧਾਨ ਲਾਗੂ ਹੋਣ ’ਤੇ ਦੇਸ਼ ਵਾਸੀ ਦੋ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਨਗੇ। ਜਿੱਥੇ ਰਾਜਨੀਤਕ ਤੌਰ ’ਤੇ ਸਾਰੇ ਬਰਾਬਰ ਹੋਣਗੇ। ਹਰ-ਇੱਕ ਦੀ ਇੱਕ ਵੋਟ ਹੋਵੇਗੀ। ਵੋਟ ਦੀ ਇੱਕ ਕੀਮਤ ਹੋਵੇਗੀ ਪਰੰਤੂ ਸਮਾਜਿਕ ਅਤੇ ਆਰਥਿਕ ਤੌਰ ’ਤੇ ਕੁੱਝ ਲੋਕ ਨਾ-ਬਰਾਬਰੀ ਦਾ ਸ਼ਿਕਾਰ ਹੋਣਗੇ।
Read 780 times
Login to post comments
Top