ਭਾਰਤੀ-ਅਮਰੀਕੀਆਂ ਦੇ ਸਟੋਰ ਸਾੜਨ ਦਾ ਯਤਨ

14 March 2017
Author :  
ਵਾਸ਼ਿੰਗਟਨ, - ਫਲੋਰਿਡਾ ਵਿੱਚ ਇਕ ਭਾਰਤੀ-ਅਮੈਰਿਕਨਾਂ ਦੀ ਮਾਲਕੀ ਵਾਲੇ ਜਨਰਲ ਸਟੋਰ ਨੂੰ 64 ਸਾਲਾ ਵਿਅਕਤੀ ਨੇ ਸਾੜਨ ਦਾ ਯਤਨ ਕੀਤਾ। ਰਿਚਰਡ ਲੌਇਡ, ਜੋ ‘ਅਰਬ ਵਾਸੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣਾ’ ਚਾਹੁੰਦਾ ਹੈ, ਨੇ ਸ਼ੁੱਕਰਵਾਰ ਨੂੰ ਪੋਰਟ ਸੇਂਟ ਲੂਈ ਸਟੋਰ ਅੱਗੇ ਕੂੜੇਦਾਨ ਨੂੰ ਢੇਰੀ ਕਰ ਦਿੱਤਾ ਅਤੇ ਉਥੇ ਸੁੱਟੇ ਕੂੜੇ ਕਰਕਟ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਸਮੇਂ ਸਟੋਰ ਬੰਦ ਸੀ। ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਪਹਿਲਾਂ ਹੀ ਅੱਗ ਬੁਝਾਊ ਅਮਲੇ ਨੇ ਤੁਰੰਤ ਅੱਗ ਬੁੱਝ ਦਿੱਤੀ। ਸੇਂਟ ਲੂਈ ਕਾਊਂਟੀ ਦੇ ਸ਼ੈਰਿਫ ਕੇਨ ਮੈਸਕਾਰਾ ਨੇ ਦੱਸਿਆ, ‘ਇਹ ਮੰਦਭਾਗਾ ਹੈ। ਰਿਚਰਡ ਲੌਇਡ ਨੂੰ ਲੱਗਿਆ ਕਿ ਇਹ ਸਟੋਰ ਅਰਬ ਵਿਅਕਤੀ ਦਾ ਹੈ ਤੇ ਅਸਲ ਵਿੱਚ ਇਹ ਭਾਰਤੀ ਮੂਲ ਦੇ ਵਿਅਕਤੀਆਂ ਦਾ ਹੈ। ਲੌਇਡ ਦੀ ਦਿਮਾਗੀ ਹਾਲਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਟੇਟ ਅਟਾਰਨੀ ਦਫ਼ਤਰ ਵੱਲੋਂ ਫ਼ੈਸਲਾ ਕੀਤਾ ਜਾਵੇਗਾ ਕਿ ਉਹ ਨਫ਼ਰਤੀ ਅਪਰਾਧ ਹੈ ਜਾਂ ਨਹੀਂ।’ ਲੌਇਡ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਇਸ ਸਟੋਰ ਉਤੇ ਜੂਸ ਦੀ ਇਕ ਬੋਤਲ ਖਰੀਦਣ ਗਿਆ ਸੀ ਪਰ ਉਸ ਨੂੰ ਦੱਸਿਆ ਗਿਆ ਕਿ ਸਟੋਰ ਵਿੱਚ ਜੂਸ ਨਹੀਂ ਹੈ। ਉਹ ਇਸ ਗੱਲੋਂ ਵੀ ਪ੍ਰੇਸ਼ਾਨ ਸੀ ਕਿਉਂਕਿ ਉਸ ਨੂੰ ਲੱਗਾ ਕਿ ਇਸ ਸਟੋਰ ਦਾ ਕਰਮੀ ਮੁਸਲਮਾਨ ਸੀ। ਇਸਲਾਮ ਨੂੰ ਮੰਨਣ ਵਾਲਿਆਂ ਵੱਲੋਂ ਮੱਧ ਪੂਰਬ ਵਿੱਚ ਜੋ ਕੀਤਾ ਜਾ ਰਿਹਾ ਹੈ, ਉਸ ਤੋਂ ਉਹ ਗੁੱਸੇ ਵਿੱਚ ਸੀ। ਡਬਲਿਊਪੀਈਸੀ ਦੀ ਰਿਪੋਰਟ ਮੁਤਾਬਕ ਲੌਇਡ ਖ਼ਿਲਾਫ਼ ਅੱਗਜ਼ਨੀ ਦੇ ਦੋਸ਼ ਲਾਏ ਗਏ ਹਨ ਅਤੇ ਉਹ ਸੇਂਟ ਲੂਈ ਕਾਊਂਟੀ ਜੇਲ੍ਹ ਵਿੱਚ ਬੰਦ ਹੈ। ਉਸ ਵੱਲੋਂ ਜਦੋਂ ਤਕ 30 ਹਜ਼ਾਰ ਡਾਲਰ ਮੁਚੱਲਕਾ ਨਹੀਂ ਭਰਿਆ ਜਾਂਦਾ ਉਦੋਂ ਤੱਕ ਜ਼ਮਾਨਤ ਨਹੀਂ ਹੋਵੇਗੀ। ਐਫਬੀਆਈ ਦੇ ਅੰਕੜਿਆਂ ਮੁਤਾਬਕ 2015 ਵਿੱਚ ਮੁਸਲਮਾਨਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਵਿੱਚ 65 ਫ਼ੀਸਦ ਤੋਂ ਜ਼ਿਆਦਾ ਵਾਧਾ ਹੋਇਆ ਹੈ।
580 Views
Super User
Login to post comments
Top