ਨਿਊਯਾਰਕ ਝ ਆਵਾਜ ਬਿਊਰੋ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਸੰਸਥਾਪਕ ਮਾਰਕ ਜਕਰਬਰਗ ਨੇ ਆਪਣੇ ਘਰ ਪੁੱਤਰੀ ਦੇ ਜਨਮ ਲੈਣ ਦਾ ਐਲਾਨ ਕੀਤਾ ਹੈ, ਜਿਸ ਦਾ ਨਾਮ ਮੈਕਸ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜਕਰਬਰਗ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਇਸ ਧੀ ਦੇ ਜਨਮ ਦੀ ਖੁਸ਼ੀ ਵਿੱਚ ਆਪਣੀ ਜ਼ਿਆਦਾਤਰ ਦੌਲਤ ਆਪਣੀ ਜ਼ਿੰਦਗੀ ਵਿੱਚ ਹੀ ਦਾਨ ਕਰ ਦੇਣਗੇ ਤਾਂ ਕਿ ਆਪਣੀ ਬੇਟੀ ਲਈ ਦੁਨੀਆਂ ਨੂੰ ਇੱਕ ਬਿਹਤਰ ਜਗ੍ਹਾ ਬਣਾ ਸਕਣ। ਆਪਣੇ ਫੇਸਬੁੱਕ ਪੇਜ ’ਤੇ ਜਕਰਬਰਗ ਨੇ ਲਿਖਿਆ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਪਿਰਸਿਲਾ ਆਪਣੇ ਜੀਵਨ ਕਾਲ ਵਿੱਚ ਹੀ ਕੰਪਨੀ ਵਿੱਚੋਂ ਆਪਣੀ ਹਿੱਸੇਦਾਰੀ ਦਾ 99 ਫੀਸਦੀ ਹਿੱਸਾ ਦਾਨ ਕਰ ਦੇਣਗੇ। ਮੌਜੂਦਾ ਹਿਸਾਬ ਵਿੱਚ ਦੇਖਿਆ ਤਾਂ ਇਹ ਰਕਮ 45 ਅਰਬ ਡਾਲਰ ਭਾਵ ਲੱਗਭੱਗ 3000 ਅਰਬ ਰੁਪਏ ਹੋਵੇਗੀ। ਜ਼ਕਰਬਰਗ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਉਹ ਸਾਰੇ ਬੱਚਿਆਂ ਦੇ ਲਈ ਦੁਨੀਆਂ ਨੂੰ ਬਿਹਤਰ ਬਣਾਉਣ ਵਿੱਚ ਆਪਣੇ ਵੱਲੋਂ ਛੋਟਾ ਜਿਹਾ ਯੋਗਦਾਨ ਪਾਉਣਗੇ। ਬੇਟੀ ਦੇ ਜਨਮ ਮੌਕੇ ਲਿਖੇ ਆਪਣੇ ਪੱਤਰ ਨੂੰ ਜਕਰਬਰਗ ਨੇ ਇਸ ਤਰ੍ਹਾਂ ਸ਼ੁਰੂ ਕੀਤਾ ਹੈ, ‘‘ਤੇਰੀ ਮਾਂ ਅਤੇ ਮੇਰੇ ਕੋਲ ਇਸ ਉਮੀਦ ਨੂੰ ਬਿਆਨ ਕਰਨ ਦੇ ਲਈ ਸ਼ਬਦ ਨਹੀਂ ਹੈ, ਜੋ ਤੂੰ ਸਾਨੂੰ ਭਵਿੱਖ ਲਈ ਦਿੱਤੀ ਹੈ।’’ ਚਿੱਠੀ ਵਿੱਚ ਕਿਹਾ ਹੈ ਕਿ ਜਕਰਬਰਗ ਜੋੜੇ ਲਈ ਮੰਜਿਲ ਨੂੰ ਹਾਸਲ ਕਰਨ ਵਿੱਚ ਟੈਕਨਾਲੋਜੀ ਕਿੰਨੀ ਅਹਿਮ ਹੈ। ਜਕਰਬਰਗ ਨੇ ਆਪਣੀ ਬੇਟੀ ਦੇ ਲਈ ਲਿਖਿਆ ਹੈ ਕਿ ਤੁਹਾਡੀ ਪੀੜ੍ਹੀ ਦੇ ਲਈ ਸਭ ਤੋਂ ਵੱਡੇ ਮੌਕੇ ਸਭ ਨੂੰ ਇੰਟਰਨੈਟ ਐਕਸੈਸ ਦੇਣ ਤੋਂ ਪੈਦਾ ਹੋਣਗੇ। ਜਕਰਬਰਗ ਨੇ ਕਿਹਾ ਕਿ ਉਹ ਜਲਦ ਹੀ ਦਾਨ ਦੇਣ ਦੇ ਬਾਰੇ ਵਿੱਚ ਬਿਊਰਾ ਜਾਰੀ ਕਰਨਗੇ।