ਕੈਪਟਨ ਅਮਰਿੰਦਰ ਦੀ 16 ਨੂੰ ਤਾਜਪੋਸ਼ੀ

14 March 2017
Author :  
ਚੰਡੀਗੜ੍ਹ, - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਰਿਕਾਰਡਤੋੜ ਫ਼ਰਕ ਨਾਲ ਵਿਧਾਇਕ ਬਣੇ ਕੈਪਟਨ ਅਮਰਿੰਦਰ ਸਿੰਘ 16 ਮਾਰਚ ਨੂੰ ਸਵੇਰੇ ਦਸ ਵਜੇ ਆਪਣੇ ਵਜ਼ਾਰਤੀ ਸਾਥੀਆਂ ਨਾਲ ਸਹੁੰ ਚੁੱਕਣਗੇ। ਪਰ ਉਨ੍ਹਾਂ ਦੇ ਵਜ਼ਾਰਤ ਸਾਥੀਆਂ ਦੀ ਗਿਣਤੀ ਅਜੇ ਤੈਅ ਕੀਤੀ ਜਾਣੀ ਹੈ। ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿੱਚ ਕਾਂਗਰਸ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ’ਚ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਣ ਲਈ ਇਕ ਲਾਈਨ ਦਾ ਮਤਾ ਪੇਸ਼ ਕੀਤਾ, ਜਿਸ ਦੀ ਤਈਦ ਕਾਂਗਰਸ ਵਿਧਾਇਕ ਦਲ ਦੇ ਤਤਕਾਲੀ ਨੇਤਾ ਚਰਨਜੀਤ ਸਿੰਘ ਚੰਨੀ ਨੇ ਕੀਤੀ। ਇਸ ਬਾਅਦ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਫੋਨ ’ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਵਿਧਾਇਕਾਂ ਦੇ ਫੈ਼ਸਲੇ ਤੋਂ ਜਾਣੂੁ ਕਰਾਇਆ ਤਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਦਲ ਦਾ ਆਗੂ ਬਣਾਉਣ ਦਾ ਪ੍ਰਸਤਾਵ ਰੱਖਿਆ। ਇਹ ਤਜਵੀਜ਼ ਵਿਧਾਇਕਾਂ ਅੱਗੇ ਰੱਖੀ ਗਈ ਤਾਂ ਉਨ੍ਹਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਇਸ ਨੂੰ ਕਬੂਲ ਕਰ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਦਲ ਦੇ ਨੇਤਾ ਬਣ ਗਏ। ਸ੍ਰੀ ਚੰਨੀ ਨੇ ਸੂਬੇ ਦੇ ਲੋਕਾਂ ਦਾ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦੇਣ ਲਈ ਧੰਨਵਾਦ ਕੀਤਾ। ਵਿਧਾਇਕ ਦਲ ਦੀ ਮੀਟਿੰਗ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਸਹਾਇਕ ਇੰਚਾਰਜ ਹਰੀਸ਼ ਰਾਵਤ ਹਾਜ਼ਰ ਸਨ। ਇਸ ਬਾਅਦ ਕੈਪਟਨ ਅਮਰਿੰਦਰ, ਤਿੰਨੇ ਕੇਂਦਰੀ ਆਗੂ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੂੰ ਮਿਲਣ ਰਾਜ ਭਵਨ ਗਏ ਅਤੇ ਕੈਪਟਨ ਨੇ ਕਾਂਗਰਸ ਪਾਰਟੀ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਨੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਮੁਬਾਰਕਬਾਦ ਦਿੰਦਿਆਂ ਕੈਪਟਨ ਅਮਰਿੰਦਰ ਨੂੰ ਸਰਕਾਰ ਬਣਾਉਣ ਲਈ ਰਸਮੀ ਸੱਦਾ ਦਿੱਤਾ। ਕੈਪਟਨ ਨੇ ਰਾਜਪਾਲ ਨੂੰ ਮਿਲਣ ਬਾਅਦ ਦੱਸਿਆ ਕਿ ਉਨ੍ਹਾਂ ਦੀ ਸਰਕਾਰ 16 ਮਾਰਚ ਨੂੰ ਸਵੇਰੇ ਦਸ ਵਜੇ ਸਹੁੰ ਚੁੱਕੇਗੀ ਪਰ ਉਨ੍ਹਾਂ ਨੇ ਸਰਕਾਰ ’ਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਗਿਣਤੀ ਨਹੀਂ ਦੱਸੀ। ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੀ 14 ਮਾਰਚ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ, ਜਿਸ ’ਚ ਮੰਤਰੀਆਂ ਦੀ ਗਿਣਤੀ ਅਤੇ ਹੋਰ ਅਹਿਮ ਫੈ਼ਸਲੇ ਲਏ ਜਾਣ ਦੀ ਸੰਭਾਵਨਾ ਹੈ। ਨਵੇਂ ਚੁਣੇ ਕਾਂਗਰਸੀ ਵਿਧਾਇਕ ਆਪਣੇ ਹਮਾਇਤੀਆਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਸੈਕਟਰ-15 ਵਿੱਚ ਦੁਪਹਿਰੇ ਆਉਣੇ ਸ਼ੁਰੂ ਹੋ ਗਏ ਸਨ। ਕਾਂਗਰਸ ਭਵਨ ਬਾਹਰ ਤੇ ਆਸ ਪਾਸ ਮੇਲੇ ਵਰਗਾ ਮਾਹੌਲ ਸੀ।
627 Views
Super User
Login to post comments
Top