ਕੌਮਾਂਤਰੀ ਮੁੱਕੇਬਾਜ਼ੀ ਮੁਕਾਬਲੇ ਲਈ ਵਿਕਾਸ ਤੇ ਸ਼ਿਵ ਦੀ ਚੋਣ

14 March 2017
Author :  
ਨਵੀਂ ਦਿੱਲੀ,-ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਵਿਕਾਸ ਕ੍ਰਿਸ਼ਨ (75 ਕਿਲੋ) ਅਤੇ ਸ਼ਿਵ ਥਾਪਾ (60 ਕਿਲੋ) ਉਨ੍ਹਾਂ ਸੱਤ ਭਾਰਤੀਆਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਅਪਰੈਲ ਮਹੀਨੇ ਬੈਂਕਾਕ ਵਿੱਚ ਹੋਣ ਵਾਲੇ ਥਾਈਲੈਂਡ ਕੌਮਾਂਤਰੀ ਟੂਰਨਾਮੈਂਟ ਲਈ ਚੁਣਿਆ ਗਿਆ ਹੈ। ਪਿਛਲੇ ਸਾਲ ਰੀਓ ਓਲੰਪਿਕ ਦੇ ਕੁਆਰਟਰ ਫਾਈਨਲ ’ਚ ਹਾਰਨ ਮਗਰੋਂ ਵਿਕਾਸ ਆਪਣੇ ਪਹਿਲੇ ਟੂਰਨਾਮੈਂਟ ’ਚ ਭਾਗ ਲੈ ਰਿਹਾ ਹੈ ਜੋ 2011 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਹੈ। ਪਿਛਲੇ ਸਾਲ ਏਆਈਬੀਏ ਦੇ ਸਾਲਾਨਾ ਪੁਰਸਕਾਰ ਸਮਾਰੋਹ ’ਚ ਸਰਵੋਤਮ ਮੁੱਕੇਬਾਜ਼ ਦਾ ਪੁਰਸਕਾਰ ਹਾਸਲ ਕਰਨ ਵਾਲਾ ਇਹ 24 ਸਾਲਾ ਮੁੱਕੇਬਾਜ਼ ਅਮਰੀਕਾ ਤੋਂ ਮੁੜਨ ਮਗਰੋਂ ਹਾਲ ਹੀ ਵਿੱਚ ਕੌਮੀ ਕੈਂਪ ਨਾਲ ਜੁੜਿਆ ਹੈ। ਏਸ਼ਿਆਈ ਖੇਡਾਂ ਦਾ ਇਹ ਸਾਬਕਾ ਸੋਨ ਤਗ਼ਮਾ ਜੇਤੂ ਪਿਛਲੇ ਤਿੰਨ ਮਹੀਨੇ ਤੋਂ ਟਰੇਨਿੰਗ ਲੈ ਰਿਹਾ ਹੈ। ਉਸ ਨੇ ਇਸ ਸਾਲ ਦੇ ਅਖੀਰ ਤੱਕ ਪੇਸ਼ੇਵਰ ਮੁੱਕੇਬਾਜ਼ ਬਣਨ ਦੇ ਵੀ ਸੰਕੇਤ ਦਿੱਤੇ ਹਨ। ਸਾਬਕਾ ਏਸ਼ਿਆਈ ਚੈਂਪੀਅਨ ਸ਼ਿਵ ਨੇ ਪਿਛਲੇ ਸਾਲ ਦਸੰਬਰ ’ਚ ਬੈਂਥਮਵੇਟ (56 ਕਿਲੋ) ਤੋਂ ਵਧ ਵਜ਼ਨ ਵਰਗ ’ਚ ਆਉਣ ਦਾ ਫ਼ੈਸਲਾ ਕੀਤਾ ਸੀ। ਅਜੇ ਤੱਕ ਉਸ ਨੂੰ ਇਸ ’ਚ ਰਲਵੇਂ-ਮਿਲਵੇਂ ਨਤੀਜੇ ਮਿਲੇ ਹਨ। ਅਸਾਮ ਦੇ ਇਸ ਮੁੱਕੇਬਾਜ਼ ਨੇ ਆਪਣੇ ਨਵੇਂ ਵਜ਼ਨ 60 ਕਿਲੋ ਗਰਾਮ ’ਚ ਕੌਮੀ ਚੈਂਪੀਅਨਸ਼ਿੱਪ ਜਿੱਤੀ ਸੀ, ਪਰ ਉਹ ਪਿਛਲੇ ਸਾਲ ਬੁਲਗਾਰੀਆ ’ਚ 68ਵੀਂ ਸਟ੍ਰਾਨਦਜਾ ਯਾਦਗਾਰੀ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ’ਚ ਬਾਹਰ ਹੋ ਗਿਆ ਸੀ। ਰਾਸ਼ਟਰ-ਮੰਡਲ ਖੇਡਾਂ ’ਚ ਚਾਂਦੀ ਦਾ ਤਗ਼ਮਾ ਜੇਤੂ ਐਲ ਦੇਵੇਂਦਰੋ ਸਿੰਘ (52 ਕਿਲੋ) ਆਪਣੇ ਨਵੇਂ ਵਜ਼ਨ ਵਰਗ ’ਚ ਕੌਮਾਂਤਰੀ ਮੁੱਕੇਬਾਜ਼ੀ ਦੀ ਸ਼ੁਰੂਆਤ ਕਰੇਗਾ। ਇਹ ਮਣੀਪੁਰੀ ਖਿਡਾਰੀ ਵੀ ਏਸ਼ਿਆਈ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗ਼ਮਾ ਜੇਤੂ ਹੈ। ਟੀਮ ਦੇ ਇੱਕ ਹੋਰ ਮੈਂਬਰ ਕੇ ਸ਼ਿਆਮ ਕੁਮਾਰ (49 ਕਿਲੋ) ਨੇ ਕਿੰਗਜ਼ ਕੱਪ ਕਹੇ ਜਾਣ ਵਾਲੇ ਟੂਰਨਾਮੈਂਟ ਦੇ 2015 ਗੇੜ ਦਾ ਸੋਨ ਤਗ਼ਮਾ ਜਿੱਤਿਆ ਹੈ। ਬੈਂਥਮਵੇਟ ਵਜ਼ਨ ਵਰਗ ’ਚ ਮੁਹੰਮਦ ਹੁਸਾਮੁੱਦੀਨ ਸ਼ਾਮਲ ਹੈ ਜਿਨ੍ਹਾਂ ਪਿਛਲੇ ਮਹੀਨੇ ਬੁਲਗਾਰੀਆ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਮਨੋਜ ਕੁਮਾਰ ਨੂੰ ਵੈਨਟਰਵੇਟ 69 ਕਿਲੋਗਰਾਮ ਵਰਗ ’ਚ ਚੁਣਿਆ ਗਿਆ ਹੈ। ਥਾਈਲੈਂਡ ਕੌਮਾਂਤਰੀ ਟੂਰਨਾਮੈਂਟ ਇੱਕ ਤੋਂ ਸੱਤ ਅਪਰੈਲ ਤੱਕ ਖੇਡਿਆ ਜਾਵੇਗਾ ਜਿਸ ’ਚ ਸਿਰਫ਼ ਸੱਤ ਹੀ ਵਜ਼ਨ ਵਰਗ ਹਨ।
606 Views
Super User
Login to post comments
Top