ਨਿੱਜੀ ਸਕੂਲਾਂ ਲਈ ਰੈਗੂਲੇਟਰੀ ਅਥਾਰਟੀ ਬਣਾਉਣ ਦਾ ਰਾਹ ਪੱਧਰਾ : ਬਾਦਲ

08 May 2016
Author :  
ਨਵਾਂਸ਼ਹਿਰ ਚੇਤ ਰਾਮ ਰਤਨ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਸੂਬਾ ਸਰਕਾਰ ਵੱਲੋਂ ਛੇਤੀ ਹੀ ਪ੍ਰਾਈਵੇਟ ਸਕੂਲਾਂ ਲਈ ਰੈਗੂਲੇਟਰੀ ਅਥਾਰਟੀ ਦਾ ਗਠਨ ਕੀਤਾ ਜਾਵੇਗਾ ਤਾਂ ਕਿ ਫੀਸਾਂ ਤੇ ਹੋਰ ਖਰਚਿਆਂ ਵਿੱਚ ਇਕਸਾਰਤਾ ਲਿਆਉਣ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ੀ ਵਿਧੀ ਵਿਧਾਨ ਅਮਲ ਵਿੱਚ ਲਿਆਂਦਾ ਜਾ ਸਕੇ। ਅੱਜ ਨਵਾਂਸ਼ਹਿਰ ਵਿਧਾਨ ਸਭਾ ਹਲਕ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਪੀੜਤ ਮਾਪਿਆਂ ਪਾਸੋਂ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਖਿਲਾਫ ਕੀਤੀਆਂ ਸ਼ਿਕਾਇਤਾਂ ਪਿੱਛੋਂ ਚੁੱਕਿਆ ਗਿਆ ਹੈ। ਕੁਝ ਪ੍ਰਾਈਵੇਟ ਸਕੂਲ ਵੱਧ ਫੀਸ ਲੈਣ ਅਤੇ ਮਨਮਰਜ਼ੀ ਨਾਲ ਹੋਰ ਖਰਚੇ ਵਸੂਲਣ ਦੀਆਂ ਬੇਨਿਯਮੀਆਂ ਵਿੱਚ ਸ਼ਾਮਲ ਹਨ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਅਥਾਰਟੀ ਦੇ ਗਠਨ ਨਾਲ ਨਾ ਸਿਰਫ ਫੀਸ ਢਾਂਚੇ ਵਿੱਚ ਇਕਸਾਰਤਾ ਆਵੇਗੀ ਸਗੋਂ ਕੁਝ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਹੱਥੋਂ ਮਾਸੂਮ ਬੱਚਿਆਂ ਦਾ ਹੁੰਦਾ ਘੋਰ ਸ਼ੋਸ਼ਣ ਵੀ ਥੰਮ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਜਾਰੀ ਨਾ ਰੱਖਣ ਦੇ ਮੁੱਦੇ ’ਤੇ ਸ. ਬਾਦਲ ਨੇ ਇਸ ਕਦਮ ਨੂੰ ਬਹੁਤ ਮੰਦਭਾਗਾ ਤੇ ਪੰਜਾਬ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪੰਜਾਬੀਆਂ ਦੀ ਵੱਡੀ ਵਸੋਂ ਹੈ ਅਤੇ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਵਿਰਵਾ ਕਰਨਾ ਕੇਜਰੀਵਾਲ ਸਰਕਾਰ ਲਈ ਅਫਸੋਸਜਨਕ ਤੇ ਘਿਰਣਾ ਭਰਿਆ ਹੈ। ਸਿੱਖਿਆ ਤੇ ਸਿਹਤ ਵਿਭਾਗ ਵਿੱਚ ਵੱਡੇ ਪੱਧਰ ’ਤੇ ਭਰਤੀ ਪ੍ਰਕ੍ਰਿਆ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਭਾਗਾਂ ਵਿੱਚ ਪਹਿਲ ਦੇ ਆਧਾਰ ’ਤੇ ਸਾਰੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਬਿਹਤਰ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਵਿਸਥਾਰ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਅਧਿਆਪਕ ਦੀ ਸੇਵਾ-ਮੁਕਤੀ ਤੋਂ ਪਹਿਲਾਂ ਹੀ ਉਸ ਅਸਾਮੀ ਨੂੰ ਭਰ ਲਿਆ ਜਾਵੇ। ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨਾਲ ਸਿੱਧੇ ਤੌਰ ’ਤੇ ਮਿਲਣ ਲਈ ਸ਼ੁਰੂ ਕੀਤੇ ਇਸ ਪ੍ਰੋਗਰਾਮ ਨੂੰ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਜਿਸ ਦਾ ਇਕਮਾਤਰ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰਨਾ ਹੈ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ ਖਾਸ ਕਰਕੇ ਕਾਂਗਰਸ ਲੀਡਰਸ਼ਿਪ ਵੱਲੋਂ ਹਮੇਸ਼ਾ ਹੀ ਸੰਗਤ ਦਰਸ਼ਨ ਪ੍ਰੋਗਰਾਮ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਰਹੀ ਹੈ ਪਰ ਫਿਰ ਵੀ ਕਾਂਗਰਸ ਉਨ੍ਹਾਂ ਨੂੰ ਸੰਗਤ ਦਰਸ਼ਨ ਪ੍ਰੋਗਰਾਮ ਕਰਨ ਤੋਂ ਰੋਕ ਨਹੀਂ ਸਕੀ ਕਿਉਂਕਿ ਉਹ ਜਮਹੂਰੀਅਤ ਵਿੱਚ ਲੋਕਾਂ ਨਾਲ ਗੱਲਬਾਤ ਦਾ ਇਸ ਨੂੰ ਸਭ ਤੋਂ ਵਧੀਆ ਮੰਚ ਮੰਨਦੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਸੰਗਤ ਦਰਸ਼ਨ ਪ੍ਰੋਗਰਾਮ ਬਾਰੇ ਉਨ੍ਹਾਂ ਦੇ ਪੱਖ ਨੂੰ ਜਾਇਜ਼ ਠਹਿਰਾਇਆ ਹੈ ਕਿ ਜਨਤਕ ਨੁਮਾਇੰਦੇ ਵਜੋਂ ਮੁੱਖ ਮੰਤਰੀ ਦਾ ਇਹ ਅਧਿਕਾਰ ਹੈ ਕਿ ਸੂਬੇ ਦੇ ਸਰਬਪੱਖੀ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਪ੍ਰੋਗਰਾਮ ਚਲਾਉਣ। ਇਸ ਮੌਕੇ ਸੀਨੀਅਰ ਅਕਾਲੀ ਨੇਤਾ ਤੇ ਮਾਰਕਫ਼ੈਡ ਦੇ ਚੇਅਰਮੈਨ ਸ. ਜਰਨੈਲ ਸਿੰਘ ਵਾਹਦ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਡੀ.ਆਈ.ਜੀ. ਲੁਧਿਆਣਾ ਰੇਂਜ ਸ੍ਰੀ ਐਸ.ਕੇ.ਕਾਲੀਆ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਸਨੇਹਦੀਪ ਸ਼ਰਮਾ ਅਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਬਾਬਾ ਰਾਮ ਸਿੰਘ, ਮੈਂਬਰ ਐਸ.ਜੀ.ਪੀ.ਸੀ. ਗੁਰਬਖਸ਼ ਸਿੰਘ ਖਾਲਸਾ ਸਮੇਤ ਜ਼ਿਲ੍ਹੇ ਦੇ ਅਧਿਕਾਰੀ ਅਤੇ ਆਗੂ ਮੌਜੂਦ ਸਨ।
709 Views
Super User
Login to post comments
Top