ਪੁੱਤ ਜਿਨ੍ਹਾਂ ਦੇ ਪਰਦੇਸੀ

08 May 2016
Author :  
ਵੇਖੋ ਖਾਂ ਉਹ ਮਾਵਾਂ ਪੁੱਤ ਜਿਨ੍ਹਾਂ ਦੇ ਪਰਦੇਸੀ ਪਰਦੇਸੀ ਲਿੱਖ ਕੰਢਿਆਂ ’ਤੇ ਵਹਿ ਗਏ ਵਿੱਚ ਝਨਾਂਵਾਂ, ਸੱਥਾਂ ਦੇ ਵਿੱਚ ਬਾਪੂ ਵਿਗਸਣ ਬੂਹਿਆਂ ਦੇ ਵਿੱਚ ਮਾਵਾਂ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ... ਹਰ ਮਾਂ ਬੜੇ ਲਾਡਾਂ ਨਾਲ ਆਪਣੇ ਪੁੱਤ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਖੁਦ ਪੁੱਤ ਵਲੋਂ ਹੀ ਕੀਤੇ ਗਿਲੇ ਥਾਂ ਵਿੱਚ ਪੈ ਕੇ ਪੁੱਤ ਨੂੰ ਸੁੱਕੇ ਥਾਂ ਪਾਉਂਦੀ ਹੈ, ਪਰ ਉਹੀ ਲਾਡਾਂ ਤੇ ਦੁੱਧ ਮੱਖਣਾਂ ਨਾਲ ਪਾਲਿਆ ਤੇ ਕਈ ਵਾਰ ਕਈ ਧੀਆਂ ਬਾਅਦ ਹੋਇਆ, ( ਮਾਂ ਦੇ ਸ਼ਬਦਾਂ ਵਿੱਚ ਸੁੱਖਾਂ ਸੁੱਖ ਕੇ ਮਿਲਿਆ) ਪੁੱਤ ਜਦੋਂ ਵਿਦੇਸ਼ ਉਡਾਰੀ ਮਾਰ ਜਾਂਦਾ ਹੈ ਤਾਂ ਮਾਂ ਦੇ ਕਾਲਜੇ ਨੂੰ ਇੱਕ ਤਰਾਂ ਧੂਹ ਜਿਹੀ ਪੈਂਦੀ ਹੈ, ਇੱਕ ਪਾਸੇ ਉਸਨੂੰ ਖੁਸ਼ੀ ਹੁੰਦੀ ਹੈ ਕਿ ਉਸਦਾ ਪੁੱਤ ਵਿਦੇਸ਼ ਚਲਾ ਗਿਆ ਪਰ ਨਾਲ ਹੀ ਵਿਦੇਸ਼ ਜਾਕੇ ਮਾਂ ਤੋਂ ਦੂਰ ਹੋਣ ਦਾ ਦੁੱਖ ਵੀ ਉਸ ਨੂੰ ਨਾਲ ਹੀ ਹੁੰਦਾ ਹੈ। ਇਹੀ ਹਾਲ ਉਹਨਾਂ ਮਾਵਾਂ ਦਾ ਹੁੰਦਾ ਹੈ, ਜਿਹਨਾਂ ਦੇ ਪੁੱਤ ਫੌਜੀ ਹੁੰਦੇ ਹਨ , ਇੱਕ ਪਾਸੇ ਤਾਂ ਫੌਜੀ ਪੁੱਤ ਦੀ ਮਾਂ ਆਪਣੇ ਪੁੱਤ ਨੂੰ ਫੌਜੀ ਵਰਦੀ ਵਿੱਚ ਵੇਖਕੇ ਖੁਸ਼ੀ ਵਿੱਚ ਫੁੱਲੀ ਨਹੀਂ ਸਮਾਉਂਦੀ , ਦੂਜੇ ਪਾਸੇ ਉਸਨੂੰ ਇਹ ਵੀ ਧੁੜਕੂ ਜਿਹਾ ਹੀ ਲੱਗਾ ਰਹਿੰਦੈ ਕਿ ਉਸਦੇ ਪੁੱਤ ਨੇ ਹੁਣ ਉਸਤੋਂ ਦੂਰ ਹੋਕੇ ਇੱਕ ਤਰਾਂ ਵਰਦੀ ਅੱਗ ਵਿੱਚ ਜਾਣਾ ਏ, ਫੌਜ ਵਿੱਚ ਜਾਣ ਨੂੰ ਉਹ ਵਰਦੀ ਅੱਗ ਵਿੱਚ ਜਾਣਾ ਹੀ ਕਹਿੰਦੀ/ਸਮਝਦੀ ਹੈ। ਇਸ ਲਈ ਪਰਦੇਸੀ ਪੁੱਤਾਂ ਦੀਆਂ ਮਾਵਾਂ ਦੀ ਹੋਣੀ (ਜਿੰਦਗੀ) ਫੌਜੀ ਪੁੱਤਾਂ ਦੀ ਮਾਵਾਂ ਨਾਲ ਰਲਦੀ-ਮਿਲਦੀ ਜਿਹੀ ਹੀ ਹੁੰਦੀ ਹੈ। ਅਸਲ ਵਿੱਚ ਜਦੋਂ ਕਿਸੇ ਵਿਆਹੁਤਾ ਮੁਟਿਆਰ ਜਾਂ ਔਰਤ ਨੂੰ ਪਹਿਲੀ ਵਾਰ ਜੰਮਣ ਪੀੜਾਂ ਉਠਦੀਆਂ ਹਨ, ਤਾਂ ਉਸਦੇ ਚਿਹਰੇ ਉਪਰ ਦਰਦਾਂ ਦੇ ਨਿਸ਼ਾਨ ਦੇ ਨਾਲ ਹੀ ਹਲਕੀ ਜਿਹੀ ਚਮਕ ਵੀ ਨਜ਼ਰ ਆਉਂਦੀ ਹੈ, ਉਸਨੂੰ ਇੱਕ ਚਾਅ ਜਿਹਾ ਹੁੰਦੈ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਦਾ ਤੇ ਮਾਂ ਬਣਨ ਦਾ ਪਰ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਪਹਿਲੀ ਔਲਾਦ ਮੁੰਡਾ ਹੈ ਤਾਂ ਉਸਦੀ ਖੁਸ਼ੀ ਦੁਗਣੀ ਹੋ ਜਾਂਦੀ ਹੈ। ਕਹਿੰਦੇ ਨੇ ਕਿ ਜਦੋਂ ਕੋਈ ਔਰਤ ਮਾਂ ਬਣਦੀ ਹੈ ਤਾਂ ਹੀ ਉਹ ਸਹੀ ਅਰਥਾਂ ਵਿਚ ਔਰਤ ਬਣਦੀ ਹੈ। ਅਸਲ ਵਿੱਚ ਮਾਂ ਤੇ ਪੁੱਤ ਦਾ ਸਬੰਧ ਹੀ ਅਜਿਹਾ ਹੈ ਕਿ ਦੁਨੀਆਂ ਦੇ ਸਾਰੇ ਸੁੱਖ ਇਸ ਅੱਗੇ ਫਿੱਕੇ ਪੈ ਜਾਂਦੇ ਹਨ। ਹਰ ਮਾਂ ਨੂੰ ਇਹ ਚੰਗੀ ਤਰਾਂ ਸਾਰੀ ਉਮਰ ਹੀ ਯਾਦ ਹੁੰਦੈ ਕਿ ਉਸਦਾ ਪੁੱਤ ਦਾ ਜਨਮ ਕਿੰਨੀ ਤਰੀਕ ਨੂੰ ,ਕਿੱਥੇ ਹੋਇਆ, ਉਸ ਦਿਨ ਮੌਸਮ ਕਿਹੋ ਜਿਹਾ ਸੀ, ਪੁੱਤ ਨੂੰ ਗੁੜਤੀ ਕਿਹਨੇ ਦਿੱਤੀ ਸੀ, ਬੁੱਢਾਪੇ ਵਿਚ ਅਕਸਰ ਹੀ ਬਜ਼ੁਰਗ ਔਰਤਾਂ ਦੀ ਯਾਦਦਾਸ਼ਤ ਕੁੱਝ ਕਮਜੋਰ ਜਿਹੀ ਪੈ ਜਾਂਦੀ ਹੈ ਅਤੇ ਉਹਨਾਂ ਨੂੰ ਘੱਟ ਸੁਣਦਾ ਹੈ ਪਰ ਪੁੱਤ ਦੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀ ਖਾਸ ਤੌਰ ’ਤੇ ਵਿਆਹ ਹੋਣ ਤੱਕ ਦੀ ਹਰ ਗੱਲ ਉਹਨਾਂ ਦੇ ਚੇਤੇ ਹੁੰਦੀ ਹੈ ਅਤੇ ਪੁੱਤ ਵੱਲੋਂ ਮਾਰੀ ਹਲਕੀ ਜਿਹੀ ਆਬਾਜ ਵੀ ਉਹਨਾਂ ਨੂੰ ਸੁਣਾਈ ਦੇ ਦਿੰਦੀ ਹੈ, ਭਾਵੇਂ ਨੂੰਹ ਦੀ ਉਚੀ ਬੋਲ ਕੇ ਕਹੀ ਗੱਲ ਵੀ ਉਹਨਾਂ ਦੇ ਪੱਲੇ ਨਹੀਂ ਪੈਂਦੀ। ਅਸਲ ਵਿੱਚ ਮਾਂ ਆਪਣੇ ਪੁੱਤ ਦੇ ਫਰਕਦੇ ਬੁੱਲਾਂ ਤੋਂ ਹੀ ਸਮਝ ਜਾਂਦੀ ਹੈ ਕਿ ਉਸਦਾ ਪੁੱਤ ਕਹਿਣਾ ਕੀ ਚਾਹੁੰਦੈ, ਅਸਲ ਵਿਚ ਮਾਂ ਨੂੰ ਪੁੱਤ ਦੀ ਗੱਲ ਸਮਝਣ ਲਈ ਸੁਨਣ ਦੀ ਲੋੜ ਨਹੀਂ ਪੈਂਦੀ , ਉਹ ਉਸਦੇ ਇਸ਼ਾਰੇ ਹੀ ਸਮਝਦੀ ਹੈ ਤੇ ਦਿਲ ਦੀ ਗੱਲ ਸਮਝ ਜਾਂਦੀ ਹੈ। ਹਰ ਫੌਜੀ ਪੁੱਤ ਦੀ ਮਾਂ ਨੂੰ ਜਦੋਂ ਵੀ ਪਤਾ ਚੱਲਦੈ ਕਿ ਜੰਗ ਲੱਗਣ ਵਾਲੀ ਹੈ, ਜਾਂ ਸਰਹੱਦ ਉਪਰ ਸਰਹੱਦ ਪਾਰੋਂ ਗੋਲੀਬਾਰੀ ਹੋਈ ਹੈ, ਜਾਂ ਅੱਤਵਾਦੀਆਂ ਜਾਂ ਹੋਰਨਾਂ ਸਮਾਜ ਵਿਰੋਧੀ ਅਨਸਰਾਂ ਨਾਲ ਫੌਜ ਦਾ ਮੁਕਾਬਲਾ ਹੋਇਐ ਤਾਂ ਉਸਦੇ ਇੱਕ ਤਰਾਂ ਹੌਲ ਜਿਹਾ ਪੈ ਜਾਂਦੈ ਤੇ ਉਹ ਵੱਖ-ਵੱਖ ਧਾਰਮਿਕ ਸਥਾਨਾਂ ਵੱਲ ਮੂੰਹ ਕਰਕੇ ਪੁੱਤ ਦੀ ਸਲਾਮਤੀ ਤੇ ਤੰਦਰੁਸਤੀ ਦੀ ਦੁਆ ਮੰਗਦੀ ਕਈ ਤਰਾਂ ਦੀਆਂ ਸੁੱਖਾਂ ਵੀ ਸੁੱਖਦੀ ਹੈ । ਇਸੇ ਤਰਾਂ ਜਦੋਂ ਕਿਸੇ ਵੀ ਦੇਸ਼ ਵਿਚ ਭੁਚਾਲ, ਸੁਨਾਮੀ , ਹੜ੍ਹ, ਹਾਦਸਾ, ਤੂਫਾਨ , ਗੋਲੀਬਾਰੀ, ਹਮਲਾ ਹੋਣ ਦੀ ਗੱਲ ਕਿਸੇ ਪਰਦੇਸੀ ਗਏ ਪੁੱਤ ਦੀ ਮਾਂ ਦੇ ਕੰਨੀ ਪੈਂਦੀ ਹੈ ਤਾਂ ਇੱਕ ਤਰਾਂ ਉਸਦੇ ਹੱਥਾਂ ਵਿਚੋਂ ਭਾਂਡੇ ਹੀ ਛੁੱਟ ਜਾਂਦੇ ਹਨ, ਤੇ ਉਹ ਰੱਬ ਅੱਗੇ ਪੁੱਤ ਦੀ ਸਲਾਮਤੀ ਦੀਆਂ ਅਰਦਾਸਾਂ ਕਰਦੀ ਹਰ ਕਿਸੇ ਤੋਂ ਵਾਪਰੀ ਘਟਨਾ ਦੀ ਪੂਰੀ ਜਾਣਕਾਰੀ ਲੈਂਦੀ ਹੈ ਉਹ ਵੀ ਵਾਰ -ਵਾਰ, ਉਹ ਆਪਣੇ ਪਤੀ ਨੂੂੰ ਮਜ਼ਬੂੁਰ ਕਰਦੀ ਹੈ ਕਿ ਤੁਰੰਤ ਹੀ ਫੋਨ ਕਰਕੇ ਪੁੱਤ ਦਾ ਹਾਲ ਚਾਲ ਪੁੱਛਿਆ ਜਾਵੇ। ਕਈ ਵਾਰ ਘਰਦੇ ਮੈਂਬਰ ਕੁੱਝ ਖਿੱਝ ਕੇ ਕਹਿੰਦੇ ਹਨ ਕਿ ਸੁਨਾਮੀ ਜਾਂ ਤੂਫਾਨ ਤਾਂ ਪਾਕਿਸਤਾਨ/ਯੂਰੋਪ ਵਿਚ ਆਇਐ ਤੇ ਤੇਰਾ ਪੁੱਤ ਅਮਰੀਕਾ ਵਿਚ ਹੈ ਪਰ ਮਾਂ ਹੁੰਦੀ ਹੈ ਕਿ ਉਸਦੇ ਦਿਲ ਨੂੰ ਪੁੱਤ ਨਾਲ ਗੱਲਬਾਤ ਕਰੇ ਬਿਨਾਂ ਧਰਵਾਸ ਜਿਹਾ ਨਹੀਂ ਮਿਲਦਾ। ਜੇ ਰਾਤ ਸਮੇਂ ਉਹ ਸੌਣ ਦਾ ਯਤਨ ਕਰਦੀ ਹੈ ਤਾਂ ਉਸਨੂੰ ਕਈ ਤਰਾਂ ਦੇ ਸੁਪਨੇ ਜਿਹੇ ਆਉਣੇ ਸ਼ੁਰੂ ਹੋ ਜਾਂਦੇ ਨੇ । ਮੇਰੇ ਆਪਣੇ ਯਾਦ ਹੈ ਕਿ ਜਦੋਂ ਮੈਨੂੰ ਪਹਿਲੀ ਤਨਖਾਹ ਮਿਲੀ ਸੀ ਤਾਂ ਮੈਂ ਉਸ ਵਿਚੋਂ ਮੱਧ ਪ੍ਰਦੇਸ਼ ਦੇ ਇੰਦੋਰ ਸ਼ਹਿਰ ਵਿਚੋਂ ਮਾਂ ਲਈ ਸੂੁਟ ਤੇ ਭਾਪਾ ਜੀ ਲਈ ਸੁਪਾਰੀ ਸੂਟ ਲੈ ਲਿਆ, ਜਦੋਂ ਪੰਜਾਬ ਆਕੇ ਮਾਂ ਬਾਪ ਨੂੰ ਉਹ ਕੱਪੜੇ ਦਿਤੇ ਤਾਂ ਉਹਨਾਂ ਦੇ ਚਿਹਰੇ ਉਪਰ ਜੋ ਖੁਸ਼ੀ ਨਜ਼ਰ ਆਈ ਉਹ ਮੈਂ ਪਹਿਲਾਂ ਕਦੇ ਨਹੀਂ ਸੀ ਵੇਖੀ । ਮੇਰੀ ਮਾਂ ਨੇ ਕਈ ਸਾਲ ਉਹ ਸੂਟ ਪਾਕੇ ਹੰਡਾਇਆ, ਇਥੋਂ ਤੱਕ ਕਿ ਰੰਗ ਫਿਕਾ ਪੈਣ ’ਤੇ ਵੀ ਉਹੀ ਸੂਟ ਪਾਉਂਦੀ ਰਹੀ। ਇਹ ਮਾਂ ਦਾ ਆਪਣੇ ਪੁੱਤ ਪ੍ਰਤੀ ਮੋਹ ਹੀ ਤਾਂ ਸੀ। ਜਦੋਂ ਮੇਰਾ ਇੰਦੋਰ ਵਿਚ ਹੀ ਐਕਸੀਡੈਂਟ ਹੋਣ ਕਰਕੇ ਮੈਂ ਜਦੋਂ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੀ ਸੀ ਕਿ ਮੇਰੀ ਮਾਂ ਦਾ ਪੰਜਾਬ ਤੋਂ ਫੋਨ ਵੀ ਪਹੁੰਚ ਗਿਆ ਸੀ ਕਿ ਉਸਨੂੰ ਬੜਾ ਮਾੜਾ ਸੁਪਨਾ ਆਇਐ , ਉਸਦਾ ਚਿੱਤ ਪ੍ਰੇਸ਼ਾਨ ਸੀ ਭਾਵੇਂ ਉਸ ਨੂੰ ਐਕਸੀਡੈਂਟ ਬਾਰੇ ਨਹੀਂ ਦਸਿਆ ਤੇ ਦੋ ਮਹੀਨੇ ਬਾਅਦ ਤੁਰਨ ਫਿਰਨ ਜੋਗਾ ਹੋਣ ਉਪਰੰਤ ਹੀ ਦਸਿਆ ਕਿ ਮੈਂ ਮੰਜੇ ਉਪਰ ਸੀ ਤਾਂ ਮਾਂ ਦਾ ਉਲਾਮਾ ਸੀ ਕਿ ਮੈਨੂੰ ਪਤਾ ਸੀ ਕਿ ਕੁਝ ਨਾ ਕੁਝ ਤੇਰੇ ਨਾਲ ਜਰੂੁਰ ਮਾੜਾ ਹੋਇਐ ,ਮੈਨੂੰ ਬੜਾ ਭੈੜਾ ਸੁਪਨਾ ਵੀ ਆਇਆ ਸੀ ਤੇ ਚਿੱਤ ਵੀ ਕਾਹਲਾ ਜਿਹਾ ਪੈ ਰਿਹਾ ਸੀ। ਇਹ ਮਾਂ ਨਾਲ ਪੁੱਤ ਦੇ ਪਿਆਰ ਦੀ ਝਲਕ ਹੀ ਤਾਂ ਸੀ। ਜਿਸਨੂੰ ਸੈਂਕੜੇ ਮੀਲ ਦੂਰ ਹੋਣ ਜਾਣ ਦੇ ਬਾਵਜੂਦ ਬਿਨਾ ਦਸੇ ਤੋਂ ਹੀ ਪੁੱਤ ਬਾਰੇ ਕੋਈ ਰੱਬੀ ਇਲਮ ਜਿਹਾ ਹੋ ਗਿਆ ਸੀ। ਕਹਿੰਦੇ ਨੇ ਕਿ ਇੱਕ ਪੁੱਤਰ ਨੂੰ ਉਸਦੀ ਪ੍ਰੇਮਿਕਾ ਨੇ ਕਹਿ ਦਿੱਤਾ ਕਿ ਉਹ ਉਸ ਨਾਲ ਵਿਆਹ ਤਾਂ ਹੀ ਕਰਵਾਏਗੀ ਜੇ ਉਹ ਆਪਣੀ ਮਾਂ ਦਾ ਦਿਲ ਕੱਢ ਕੇ ਉਸਦੇ ਕੌਲ ਲੈ ਕੇ ਆਵੇਗਾ, ਇਸ਼ਕ ਵਿੱਚ ਅੰਨਾ ਹੋਇਆ ਪੁੱਤਰ ਜਦੋਂ ਆਪਣੀ ਮਾਂ ਨੂੰ ਮਾਰ ਕੇ ਉਸਦਾ ਦਿਲ ਆਪਣੀ ਮਾਂ ਕੌਲ ਲੈ ਕੇ ਜਾ ਰਿਹਾ ਸੀ ਤਾਂ ਉਹ ਰਸਤੇ ਵਿਚ ਠੇਡਾ ਖਾ ਕੇ ਡਿਗ ਪਿਆ ਤਾਂ ਮਾਂ ਦੇ ਦਿਲ ਵਿਚੋਂ ਵੀ ਆਬਾਜ ਆਈ ਸੀ ਕਿ ‘‘ਪੁੱਤ ਤੇਰੇ ਸੱਟ ਤਾਂ ਨਹੀਂ ਲੱਗੀ। ’’ਇਸ ਕਥਾ ਤੋਂ ਮਾਂ ਦਾ ਪੁੱਤ ਪ੍ਰਤੀ ਮੋਹ ਦਾ ਪਤਾ ਲੱਗ ਜਾਂਦਾ ਹੈ। ਅਕਸਰ ਹੀ ਫੌਜੀ ਜਾਂ ਪਰਦੇਸੀ ਪੁੱਤ ਦੀ ਮਾਂ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਉਸਦੀ ਜਾਣ ਪਹਿਚਾਣ ਵਾਲੀਆਂ ਰੌਜਾਨਾਂ ਹੀ ਉਸਤੋਂ ਇਹ ਪੁੱਛਦੀਆਂ ਨੇ ਕਿ ਪੁੱਤ ਦਾ ਕੋਈ ਫੋਨ ਆਇਆ ਕਿ ਨਹੀਂ। ਕਈ ਵਾਰ ਤਾਂ ਮਹੀਨਾ ਮਹੀਨਾਂ ਪੁੱਤ ਦਾ ਫੋਨ ਨਾ ਆਉਣ ’ਤੇ ਵੀ ਮਾਂ ਝੂਠ ਜਿਹਾ ਹੀ ਕਹਿ ਦਿੰਦੀ ਹੈ ਕਿ ਹਾਂ ਫੋਨ ਆਇਆ ਸੀ ਕਹਿੰਦਾ ਸੀ ਕਿ ਛੇਤੀ ਆਵੇਗਾ। ਮੈਂ ਉਹਨਾਂ ਮਾਵਾਂ ਨੂੰ ਵੀ ਤੂਤੀਆਂ ਵਾਲੇ ਮਲਕੀਤ ਸਿਘ ਦਾ ਮਾਵਾਂ ਠੰਡੀਆਂ ਛਾਂਵਾਂ ਗਾਣਾ ਸੁਣਦੇ ਹੋਏ ਵੇਖਿਆ ਹੈ ਜਿਹੜੀਆਂ ਮਾਵਾਂ ਹਰ ਸਮੇਂ ਹੀ ਹੱਥ ਵਿਚ ਮਾਲਾ ਫੜੀ ਰੱਖਦੀਆਂ ਨੇ, ਮੂੰਹ ਵਿੱਚ ਹੀ ਹੋਲੀ ਹੋਲੀ ਕੁੱਝ ਬੋਲਦੀਆਂ ਰਹਿੰਦੀਆਂ ਨੇ, ਸ਼ਾਇਦ ਰੱਬ ਦਾ ਨਾਂਅ ਲੈਂਦੀਆਂ ਹੋਣ, ਤੇ ਘਰ ਵਿਚ ਸੱਸ ਬਹੁੂ ਵਾਲੇ ਸੀਰੀਅਲਾਂ ਦੀ ਥਾਂ ਸਿਰਫ ਧਾਰਮਿਕ ਚੈਨਲ ਹੀ ਵੇਖਦੀਆਂ ਨੇ। ਸਵੇਰੇ- ਸ਼ਾਮ ਗੁਰਦੁਆਰੇ ਤੇ ਮੰਦਿਰ ਜਾਂਦੀਆਂ ਨੇ। ਮਲਕੀਤ ਵੱਲੋਂ ਗਾਏ ਇਸ ਗੀਤ ਵਿੱਚ ਜਦੋਂ ਮਲਕੀਤ ਕਹਿੰਦਾ ਹੈ ਕਿ ‘‘ਕਹਿ ਦੀਂ ਮਾਂ ਨੂੰ ਤੇਰਾ ਲਾਲ , ਘਰ ਆਵੇਗਾ ਅਗਲੇ ਸਾਲ’’ ਤਾਂ ਅਕਸਰ ਹੀ ਇਹ ਲਾਈਨ ਸੁਣ ਕੇ ਹਰ ਮਾਂ ਨੂੰ ਇਹ ਲੱਗਦੈ ਕਿ ਇਹ ਲਾਈਨ ਉਸ ਲਈ ਹੀ ਕਹੀ ਗਈ ਹੈ। ਹੁਣ ਭਾਵੇਂ ਇਸ ਗਾਣੇ ਵਾਲੀ ਕੈਸਿਟ ਆਈ ਨੂੰ ਕਾਫੀ ਸਮਾਂ ਹੋ ਗਿਐ ਪਰ ਫਿਰ ਵੀ ਕਈ ਮਾਵਾਂ ਨੂੰ ਆਪਣੇ ਪੋਤਿਆਂ ਜਾਂ ਦੋਹਤਿਆਂ ਨੂੰ ਇਹ ਕਹਿੰਦੇ ਸੁਣੀਦੈ ਕਿ ਵੇ, ਜੇ ਮੋਬਾਈਲ ਜਾਂ ਕੰਪਿਊਟਰ ’ਤੇ ਗਾਣਾ ਸੁਣਨਾ ਹੀ ਹੈ ਤਾਂ ਮਲਕੀਤ ਦਾ ਮਾਵਾਂ ਵਾਲਾ ਗਾਣਾ ਲਾਓ। ਅਸਲ ਵਿੱਚ ਮਾਂ -ਪੁੱਤ ਦੇ ਪਿਆਰ ਬਾਰੇ ਲੋਕ ਗੀਤਾਂ ਤੇ ਗਾਣਿਆਂ ਵਿੱਚ ਕਾਫੀ ਜ਼ਿਕਰ ਮਿਲਦਾ ਹੈ- * ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ * ਮਾਵਾਂ ਠੰਡੀਆਂ ਛਾਵਾਂ (ਮਲਕੀਤ) * ਮਾਵਾਂ ਠੰਡੀਆਂ ਛਾਵਾਂ , ਛਾਵਾਂ ਕੌਣ ਕਰੇ (ਗੁਰਦਾਸ ਮਾਨ) * ਮਾਂ ਦੇ ਹੱਥਾਂ ਦੀਆਂ ਰੋਟੀਆਂ ...... * ਵੇ ਪੁੱਤ ਇੱਕ ਵਾਰੀ....... * ਮਾਂ ਨੀ ਮਾਂ ..................... * ਮਾਏ ਮੇਰੀਏ ਤੇਰਾ ਪੁੱਤ ਪਰਦੇਸੀ ਹੋਇਆ ਅਸਲ ਵਿੱਚ ਜਦੋਂ ਕਿਸੇ ਮਾਂ ਦਾ ਇਕਲੌਤਾ ਪੁੱਤ ਡਾਲਰਾਂ ਦੀ ਚਮਕ ਦਾ ਖਿਚਿਆ ਸੱਤ ਸਮੁੰਦਰ ਪਾਰ ਜਾ ਬਹਿੰਦੇ ਜਾਂ ਫੌਜ ਵਿੱਚ ਭਰਤੀ ਹੋ ਜਾਂਦੇ ਤਾਂ ਅਕਸਰ ਹੀ ਉਹ ਮਿੱਟੀ ਜਾਂ ਆਟਾ ਗੁੰਨਦੀ ਹੋਈ ਆਟੇ ਦਾ ਹੀ ਬਾਲ ਜਿਹਾ ਬਣਾ ਕੇ ਗੁਣਗੁਣਾਉਂਦੀ ਹੈ- ਬੋਲ ਮਿੱਟੀ ਦਿਆ ਬਾਵਿਆ ਵੇ ਕਿਉਂ ਨੀ ਬੋਲਦਾ ਤੂੰ। ਇਥੇ ਉਹਨਾਂ ਮਾਵਾਂ ਦਾ ਜ਼ਿਕਰ ਕਰਨਾ ਵੀ ਬਣਦੈ, ਜਿਹਨਾਂ ਦੇ ਪੁੱਤ ਨਾ ਤਾਂ ਪਰਦੇਸੀ ਨੇ ਤੇ ਨਾ ਹੀ ਫੌਜੀ ਪਰ ਉਹ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਮਗਰ ਲੱਗ ਇੱਕ ਘਰ ਵਿਚ ਹੀ ਰੋਟੀ ਅੱਡ ਕਰ ਲੈਂਦੇ ਨੇ ਤੇ ਮਾਂ ਨਾਲ ਉਹਨਾਂ ਦੀ ਗਲ ਦਿਨ ਵਿੱਚ ਮਸਾਂ ਇੱਕ ਅੱਧੀ ਵਾਰੀ ਹੀ ਹੁੰਦੀ ਹੈ ਸਵੇਰੇ ਪੁੱਤ ਨੂੰ ਕੰਮ ਉਪਰ ਜਾਣ ਦੀ ਕਾਹਲ ਹੁੰਦੀ ਹੈ ਤੇ ਰਾਤ ਨੂੰ ਪੁੱਤ ਲੇਟ ਆਉਂਦੈ ਤੇ ਜਾਂ ਫਿਰ ਸ਼ਰਾਬ ਪੀ ਕੇ ਆਉਂਦਾ ਤੇ ਮਾਂ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ , ਕਈ ਪੁੱਤ ਤਾਂ ਵਿਆਹ ਤੋਂ ਬਾਅਦ ਮਾਂ ਕੌਲ ਦੋ ਮਿੰਟ ਬੈਠਣ ਦੀ ਥਾਂ ਸਿੱਧੇ ਪਤਨੀ ਦੇ ਕਮਰੇ ਵਿੱਚ ਚਲੇ ਜਾਂਦੇ ਹਨ ਤਾਂ ਮਾਂ ਦਾ ਆਪਣੀ ਨੂੰਹ ਨਾਲ ਕਲੇਸ਼ ਪੈਣ ਦਾ ਕਾਰਨ ਬਣ ਜਾਂਦੈ । ਮਾਂ ਨੂੰ ਲੱਗਦੈ ਕਿ ਉਸਦਾ ਪੁੱਤ ਉਸਤੋਂ ਦੂਰ ਉਸਦੀ ਪਤਨੀ ਨੇ ਹੀ ਕੀਤੈ। ਇੱਕ ਘਰ ਵਿਚ ਹੀ ਰਹਿੰਦੇ ਹੋਏ ਜਦੋਂ ਪੁੱਤ ਰੋਟੀ ਅੱਡ ਕਰ ਲਵੇ ਜਾਂ ਮਾਂ ਨੂੰ ਤਲਾਕਸ਼ੁਦਾ ਧੀ ਦੇ ਆਖਣ ’ਤੇ/ ਘਰ ਵਿਚ ਕਲੇਸ਼ ਪਾਉਣ ’ਤੇ ਪੁੱਤ ਨੂੰ ਅੱਡ ਕਰਨਾ ਪਵੇ ਜਾਂ ਚੁਬਾਰੇ ਵਿਚ ਭ੍ਯੇਜਣਾ ਪਵੇ ਤਾਂ ਉਹ ਪੁੱਤ ਇੱਕ ਹੀ ਘਰ ਵਿਚ ਰਹਿੰਦਾ ਉਸ ਲਈ ਪਰਦੇਸੀ ਜਿਹਾ ਹੀ ਹੋ ਜਾਂਦੈ, ਜੋ ਕਿ ਕਦੇ ਕਦਾਈਂ ਹੀ ਤਾਂ ਮਾਂ ਨੂੰ ਬੁਲਾਉਂਦੈ, ਪੁੱਤ ਦੇ ਮਨ ਵਿਚ ਵੀ ਅੱਡ ਕਰਨ ਕਾਰਨ ਕੁੱਝ ਗੁੱਸਾ ਜਿਹਾ ਹੁੰਦੈ , ਇਸ ਲਈ ਕਿਸੇ ਕਲੇਸ਼ ਦੇ ਡਰ ਕਾਰਨ ਉਹ ਵੀ ਜਾਂ ਤਾਂ ਘਰ ਤੋਂ ਜਿਆਦਾ ਸਮਾਂ ਬਾਹਰ ਹੀ ਰਹਿੰਦੈ ਜਾਂ ਫਿਰ ਮਾਂ ਨੂੰ ਕਦੇ ਕਦਾਈਂ ਹੀ ਬੁਲਾਉਂਦੈ, ਜਿਸ ਕਰਕੇ ਮਾਂ ਨੂੰ ਉਸਦਾ ਪੁੱਤ ਇੱਕ ਘਰ ਵਿੱਚ ਰਹਿੰਦਾ ਹੋਇਆ ਵੀ ਪਰਦੇਸੀਂ ਗਿਆ ਜਾਪਦੈ। ਅਜਿਹੀਆਂ ਮਾਵਾਂ ਆਪਣੇ ਦੁੱਖ ਨੂੰ ਦਿਲ ਵਿੱਚ ਹੀ ਰੱਖਦੀਆਂ ਨੇ ਤੇ ਬਹਾਨੇ ਜਿਹੇ ਨਾਲ ਰੋਂਦੀਆਂ ਨੇ। ਜੇ ਵਿਆਹਿਆ ਪੁੱਤ ਲੇਟ ਉਠੇ ਤਾਂ ਮਾਂ ਬਹਾਨੇ ਨਾਲ ਨੂੰਹ ਤੋਂ ਕੋਈ ਚੀਜ ਲੈਣ ਜਾਂ ਕੌਈਹ ਗਲ ਦੇ ਬਹਾਨੇ ਨਾਲ ਪੁੱਤ ਬਾਰੇ ਪੁੱਛਦੀ ਹੈ । ਜੇ ਵਿਆਹਿਆ ਪੁੱਤ ਆਪਣੀ ਪਤਨੀ ਦੇ ਨਾਲ ਚੁਆਰੇ ਵਿਚ ਸੁੱਤਾ ਕਿਸੇ ਕਾਰਨ ਖੰਘ ਪਵੇ ਤਾਂ ਮਾਂ ਨੂੰ ਜਾਗ ਆ ਜਾਂਦੀ ਐ ਤੇ ਫੇਰ ਸਵੇਰ ਉਠਕੇ ਉਸਦਾ ਪਹਿਲਾ ਸਵਾਲ ਹੀ ਇਹ ਹੁੰਦੈ ਕਿ ਰਾਤ ਕੀ ਹੋ ਗਿਆ ਸੀ, ਸਾਰੀ ਰਾਤ ਖੰਘਦਾ ਰਿਹੈ। ਉਹਨਾਂ ਮਾਵਾਂ ਬਾਰੇ ਕੀ ਲਿਖਿਆ ਜਾਵੇ, ਜਿਹਨਾਂ ਕੌਲ ਜਿੰਦਗੀ ਤਾਂ ਹੁੰਦੀ ਐ ਪਰ ਜਿਉਣ ਦਾ ਹੱਕ ਜਾਂ ਸਹਾਰਾ ਨਹੀਂ ਹੁੰਦਾ, ਭਾਵ ਜਿਹੜੀਆਂ ਮਾਂਵਾਂ ਦੇ ਜਵਾਨ ਪੁੱਤ ਇਸ ਜੱਗ ਤੋਂ ਤੁਰ ਜਾਂਦੇ ਹਨ, ਉਹ ਮਾਵਾਂ ਅੱਖਾਂ ਦੇ ਸਹੀ ਹੁੰਦੇ ਹੋਏ ਵੀ ਅੰਨੀਆਂ ਜਿਹੀਆਂ ਹੋ ਜਾਂਦੀਆ ਨੇ , ਉਹਨਾਂ ਨੂੰ ਹਰ ਪਾਸੇ ਹੀ ਹਨੇਰਾ ਜਿਹਾ ਪੈ ਜਾਂਦੈ, ਜਦੋਂ ਇੱਕ ਫੌਜੀ ਸ਼ਹੀਦ ਹੁੰਦੈ ਤਾਂ ਉਸਦੇ ਨਾਲ ਹੀ ਉਸਦੀ ਮਾਂ ਵੀ ਤਾਂ ਇੱਕ ਤਰਾਂ ਮਰ ਜਿਹੀ ਹੀ ਤਾਂ ਜਾਂਦੀ ਹੈ, ਜੋ ਕਿ ਸਿਵਲੀਅਨ ਹੁੰਦੀ ਹੈ। ਸ਼ਹੀਦ ਫੌਜ਼ੀ ਦੀ ਮਾਂ ਤੇ ਕਿਸੇ ਏਜੰਟ ਦੇ ਹੱਥ ਚੜ੍ਹਕੇ ਮਾਲਟਾ ਦੇ ਬਰਫੀਲੇ ਪਾਣੀਆਂ ਵਿੱਚ ਡੁੱਬ ਮੋਏ ਜਾਂ ਕਿਸੇ ਵਿਦੇਸ਼ੀ ਧਰਤੀ ਉਪਰ ਬਰਫ ਵਿਚ ਹੀ ਮਰ ਗਏ ਜਾਂ ਵਿਦੇਸ਼ੀ ਜੇਲ ਵਿੱਚ ਬੰਦ ਪੁੱਤ ਦੀ ਮਾਂ ਦਾ ਜਿਉਣਾ ਭਲਾ ਕੋਈ ਜਿਉਣਾ ਹੁੰਦੈ, ਉਹ ਤਾਂ ਸਾਰਾ ਦਿਨ ਰਂੋਦੀ ਹੀ ਰਹਿੰਦੀ ਹੈ। ਮੈਂ ਖੁਦ ਆਪਣੀ ਮਾਂ ਨੂੰ ਜਵਾਨ ਤੇ ਮੇਰੇ ਨਾਲੋਂ ਵੀ ਜਿਆਦਾ ਲਾਡਾਂ ਨਾਲ ਪਾਲੀ ਔਲਾਦ ਨੂੰ ਭਰ ਜਵਾਨੀ ਵਿੱਚ ਹੀ ਇਸ ਜਹਾਨ ਤੋਂ ਤੁਰ ਜਾਣ ਦਾ ਦੁੱਖ ਸਹਿੰਦੇ ਵੇਖਿਆ ਹੈ ਤੇ ਵੇਖਦਾ ਹਾਂ, ਇਸ ਕਰਕੇ ਜਵਾਨ ਪੁੱਤ ਦੀ ਮੌਤ ਦਾ ਦੁੱਖ ਝਲਦੀਆਂ ਮਾਵਾਂ ਦੇ ਦੁੱਖ ਨੂੰ ਮੈਂ ਚੰਗੀ ਤਰਾਂ ਸਮਝਦਾ ਹਾਂ। ਜਵਾਨ ਪੁੱਤ ਦੇ ਅੱਖਾਂ ਸਾਹਮਣੇ ਹੋਏ ਸਸਕਾਰ ਤੋਂ ਬਾਅਦ ਵੀ ਮਾਂ ਨੂੰ ਇੱਕ ਆਸ ਜਿਹੀ ਹੁੰਦੀ ਹੈ ਕਿ ਸ਼ਾਇਦ ਉਸਦਾ ਪੁੱਤ ਜਿਉਂਦਾ ਹੀ ਹੋਵੇ, ਜਿੰਨੀ ਦੇਰ ਮ੍ਰਿਤਕ ਪੁੱਤ ਦਾ ਸਸਕਾਰ ਨਹੀਂ ਹੁੰਦਾ ਉਨੀ ਦੇਰ ਮਾਂ ਨੂੰ ਇਹ ਆਸ ਜਿਹੀ ਹੁੰਦੀ ਹੈ ਕਿ ਉਸਦਾ ਪੁੱਤ ਕੀ ਪਤਾ ਉਠ ਕੇ ਜਿਉਂਦਾ ਹੀ ਹੋ ਜਾਵੇ ,ਉਹ ਬਿਲਕੁਲ ਬੇਜਾਨ ਪਈ ਮ੍ਰਿਤਕ ਦੇਹ ਵੱਲ ਕੀਰਨੇ ਪਾਉਂਦੀ- ਪਾਉਂਦੀ ਅਕਸਰ ਹੀ ਇਹ ਕਹਿੰਦੀ ਹੈ ਕਿ ਵੇ ਭਾਈ, ਮੈਨੂੰ ਇਹਦਾ ਕੱਪੜਾ ਹਿਲਿਆ ਦਿਖਿਆ ,ਸ਼ਾਇਦ ਸਾਹ ਚੱਲ ਪਏ ਨੇ,ਚਾਹੇ ਇਹ ਉਸਦਾ ਭਰਮ ਹੀ ਹੁੰਦੈ, ਪਰ ਉਸਨੂੰ ਮ੍ਰਿਤਕ ਪੁੱਤ ਦੀ ਸਾਹਮਣੇ ਪਈ ਲਾਸ਼ ਦੇਖਕੇ ਵੀ ਵਿਸ਼ਵਾਸ਼ ਜਿਹਾ ਨਹੀਂ ਆਉਂਦੈ ਕਿ ਉਸਦਾ ਪੁੱਤ ਸਦੀਵੀ ਵਿਛੋੜਾ ਦੇ ਗਿਐ। ਜਿਹੜੀਆਂ ਮਾਵਾਂ ਦੇ ਪੁੱਤ ਖੇਡਦੇ ਭਰ ਜਵਾਨੀ ਵਿਚ ਹੀ ਮਰ ਜਾਂਦੇ ਨੇ , ਉਹ ਮਾਵਾਂ ਮੱੇਥੇ ਹੱਥ ਰੱਖਕੇ ਸਾਰੀ ਉਮਰ ਹੀ ਤਾਂ ਰੋਂਦੀਆ ਰਹਿੰਦੀਆਂ ਨੇ। ਇਸ ਤਰਾਂ ਮਾਂਵਾਂ ਰੱਬ ਦਾ ਦੂਜਾ ਰੂਪ ਹੀ ਹੁੰਦੀਆਂ ਨੇ, ਜਿਹਨਾਂ ਦੀ ਕਦਰ ਹਰ ਪੁੱਤ ਨੂੰ ਕਰਨੀ ਚਾਹੀਦੀ ਹੈ , ਇਹ ਹਰ ਪੁੱਤ ਦਾ ਹੀ ਫ਼ਰਜ਼ ਬਣਦਾ ਹੈ। ਲੱਖਾਂ ਦੁੱਖ ਸਹਿਕੇ ਪੁੱਤਾਂ ਨੂੰ ਪਾਲਣ ਵਾਲੀਆਂ ਮਾਵਾਂ ਨੂੰ ਕੋਟਿ ਕੋਟਿ ਪ੍ਰਣਾਮ! -ਜਗਮੋਹਨ ਸਿੰਘ ਲੱਕੀ ਮੋਬਾਈਲ : 9463819174
741 Views
Super User
Login to post comments
Top